
ਅੱਖਾਂ ਦਾਨ ਪੰਦਰਵਾੜੇ ਸਬੰਧੀ ਸਿਵਲ ਸਰਜਨ ਨੇ ਕੀਤੀ ਵਿਸ਼ੇਸ਼ ਮੀਟਿੰੰਗ
ਸਿਹਤ ਸੰਸਥਾਵਾਂ ਅੱਖਾਂ ਦਾਨ ਕਰਨ ਲਈ ਜਾਗਰੂਕਤਾ ਸਰਗਰਮੀਆਂ ਤੇਜ ਕਰਨ-ਡਾ.ਸੰਜੇ ਕਪੂਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 26 ਅਗਸਤ – ਸਿਵਲ ਸਰਜਨ ਡਾ.ਸੰਜੇ ਕਪੂਰ ਨੇ 37ਵੇਂ ਅੱਖਾਂ ਦਾਨ ਪੰਦਰਵਾੜੇ ਨੂੰ ਜ਼ਿਲੇ ਭਰ ‘ਚ ਸੁਚੱਜੇ ਢੰਗ ਨਾਲ ਮਨਾਉਣ ਅਤੇ ਸਾਰਥਕ ਨਤੀਜੇ ਪ੍ਰਾਪਤ ਕਰਨ ਦੇ ਮੰਤਵ ਤਹਿਤ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਨਾਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 8 ਸਤੰਬਰ ਤੱਕ 37 ਵਾਂ ਅੱਖਾਂਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਉਨਾਂ ਸਮੂਹ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਅਧੀਨ ਸੇਵੇਵਾਂ ਨਿਭਾ ਰਹੇ ਕਰਮਚਾਰੀਆਂ,ਅਧਿਕਾਰੀਆਂ,ਆਸ਼ਾ ਵਰਕਰਾਂ,ਪ੍ਰਾਈਵੇਟ ਅੱਖਾਂ ਦੇ ਹਸਪਤਾਲਾਂ ਅਤੇ ਐਨ.ਜੀ.ਓ ਨੂੰ ਆਮ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਅੱਖਾਂ ਦਾਨ ਫਾਰਮ ਭਰਨ ਦੀ ਅਪੀਲ ਕੀਤੀ ।ਉਨਾਂ ਦੱਸਿਆ ਕਿ ਅੰਨਾਪਣ ਸਾਡੇ ਦੇਸ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ। ਵਿਸਵ ਸਿਹਤ ਸੰਗਠਨ ਦੇ ਅਨੁਸਾਰ,ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕੌਰਨੀਆ ਸੰਬਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨੇਪਣ ਦੇ ਮੁੱਖ ਕਾਰਨ ਹਨ। ਬਿਮਾਰੀ,ਸੱਟ,ਕੁਪੋਸਣ ਅਤੇ ਇਨਫੈਕਸ਼ਨ ਦੇ ਕਾਰਨ ਕੌਰਨੀਆ ਧੁੰਦਲਾ ਹੋ ਸਕਦਾ ਹੈ ਅਤੇ ਨਜ਼ਰ ਘਟ ਜਾਂਦੀ ਹੈ। ਕੌਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨਾਪਣ ਪੁਤਲੀ ਬਦਲਣ ਦੇ ਆਪਰੇਸ਼ਨ ਨਾਲ ਦੂਰ ਕੀਤਾ ਜਾ ਸਕਦਾ ਹੈ।ਜਿੱਥੇ ਧੁੰਦਲੇ ਕੌਰਨੀਆ ਦੀ ਥਾਂ ਤੇ ਦਾਨੀ ਅੱਖ ਤੋਂ ਇਕ ਸਿਹਤਮੰਦ ਕੌਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ-ਇੱਛਾ ਨਾਲ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੁੰ ਚੁੱਕਣ ਅਤੇ ਲੋੜਵੰਦਾਂ ਨੂੰ ਦਿ੍ਰਸ਼ਟੀ ਦਾ ਤੋਹਫਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ। ਉਨਾਂ ਕਿਹਾ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੇ ਇਛੁੱਕ ਵਿਅਕਤੀ ਰਜਿਸਟ੍ਰੇਸ਼ਨ ਫ਼ਾਰਮ ਭਰਨ ਲਈ ਨੇੜੇ ਦੇ ਸਿਹਤ ਕੇਂਦਰ ਸੰਪਰਕ ਕਰ ਸਕਦੇ ਹਨ। ਉਨਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਆਈ ਡੋਨੇਸ਼ਨ ਦੇ ਫਾਰਮ ਭਰਨ ਸਬੰਧੀ ਰੋਜਾਨਾ ਰਿਪੋਰਟ ਭੇਜਣ ਦੀ ਹਦਾਇਤ ਵੀ ਕੀਤੀ।ਮੀਟਿੰਗ ਵਿੱਚ ਅੱਖਾਂ ਦੇ ਮਾਹਿਰ ਪ੍ਰੋਗਰਾਮ ਅਫਸਰ ਐਨ.ਪੀ.ਸੀ.ਬੀ ਡਾ.ਪਰਮਿੰਦਰ ਕੌਰ,ਆਈ ਸਰਜਨ ਡਾ.ਹਰਪ੍ਰੀਤ ਕੌਰ,ਆਈ ਸਰਜਨ ਡਾ.ਕੀਰਤ ਸੰਧੂ,ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ,ਅਪਥਾਲਮਿਕ ਅਫਸਰ ਹਰਲੀਨ ਕੌਰ,ਫਾਰਮੇਸੀ ਅਫਸਰ ਗੁਰਮੀਤ ਸਿੰਘ ਅਤੇ ਡੀਲਿੰਗ ਐਨ.ਪੀ.ਸੀ.ਬੀ ਪ੍ਰੋਗਰਾਮ ਇੰਦਰਜੀਤ ਸਿਘ ਹਾਜਰ ਸਨ। ਅੰਤ ਵਿੱਚ ਵਿਭਾਗ ਵੱਲੋਂ ਤਿਆਰ ਕੀਤੀ ਗਈ ਜਾਗਰੂਕਤਾ ਸਮੱਗਰੀ ਵੀ ਸਿਵਲ ਸਰਜਨ ਅਤੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ।
ਅੱਖਾਂ ਦਾਨ ਪੰਦਰਵਾੜੇ ਸਬੰਧੀ ਜਾਗਰੂਕਤਾ ਸਮੱਗਰੀ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਸਿਹਤ ਅਧਿਕਾਰੀ ।