ਲੋੜ ਤੋਂ ਵੱਧ ਕੀਟਨਾਸ਼ਕਾਂ ਤੋਂ ਗੁਰੇਜ਼ ਕਰਨ ਕਿਸਾਨ -ਡਾ. ਕੁਲਵੰਤ ਸਿੰਘ
ਫ਼ਰੀਦਕੋਟ 04 ਮਾਰਚ
ਖੇਤੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਅਤੇ ਨੈਚੁਰਲ ਫਾਰਮਿੰਗ ਨੂੰ ਪ੍ਰਫੁੱਲਿਤ ਕਰਨ ਹਿੱਤ ਜ਼ਿਲ੍ਹਾ ਫਰੀਦਕੋਟ ਦੇ ਅਗਾਂਹਵਧੂ ਕਿਸਾਨਾਂ ਦਾ ਵਿਦਿਅਕ ਦੌਰਾ ਡਾ.ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਅਗਵਾਈ ਵਿੱਚ ਸੋਹਣਗੜ੍ਹ ਫਾਰਮ ਗੁਰਹਰਸਹਾਏ ਵਿਖੇ ਕਰਵਾਇਆ ਗਿਆ।
ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਪੰਜਾਬ ਸਰਕਾਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਫਸਲਾਂ ਵਿੱਚ ਲੋੜ ਤੋਂ ਵੱਧ ਜਹਿਰਾਂ ਦੀ ਅਤੇ ਖਾਦਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਤੀਆਂ ਗਈਆਂ ਖੇਤੀ ਸਿਫਾਰਿਸ਼ਾਂ ਸਬੰਧੀ ਸੁਚੇਤ ਕਰਨ ਲਈ ਕਿਸਾਨ ਹਿੱਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਸ ਤਰ੍ਹਾਂ ਦੇ ਦੌਰਿਆਂ ਨਾਲ ਦੂਸਰੇ ਕਿਸਾਨਾਂ ਤੋਂ ਨਵੀਆਂ ਖੇਤੀ ਤਕਨੀਕਾਂ ਨੂੰ ਅਪਨਾਉਂਦੇ ਸਮੇਂ ਧਿਆਨ ਰੱਖਣ ਯੋਗ ਗੱਲ੍ਹਾਂ ਬਾਰੇ ਸਿੱਖ ਸਕਦੇ ਹਨ।
ਇਸ ਮੌਕੇ ਡਾ.ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਦੱਸਿਆ ਕਿ ਆਤਮਾ ਅਧੀਨ ਇਹੋ ਜਿਹੇ ਵਿਦਿਅਕ ਦੌਰੇ ਸਮੇਂ-ਸਮੇਂ ਉੱਪਰ ਕਰਵਾਏ ਜਾਂਦੇ ਹਨ ਤਾਂ ਜੋ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਸਬੰਧੀ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਡਾ. ਖੁਸ਼ਵੰਤ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਫਰੀਦਕੋਟ, ਸੁਰਿੰਦਰ ਕੁਮਾਰ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਕਿਸਾਨ ਹਾਜਰ ਸਨ ।