ਸਮਾਜ ਦੀ ਬਿਹਤਰੀ,ਵਿਕਾਸ ਤੇ ਲੋਕਾਂ ਦੀ ਭਲਾਈ ਲਈ ਪ੍ਰਸ਼ਾਸਨ ਤੇ ਮੀਡੀਆ ਦਾ ਤਾਲਮੇਲ ਜ਼ਰੂਰੀ-ਸੇਤੀਆ
ਡਿਪਟੀ ਕਮਿਸ਼ਨਰ ਨੇ ਪੱਤਰਕਾਰ ਮਿਲਣੀ ਦੌਰਾਨ ਜਾਣੀਆਂ ਜਿਲ੍ਹੇ ਦੀਆਂ ਸਮੱਸਿਆਵਾਂ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 3 ਨਵੰਬਰ ਸਮਾਜ ਦੀ ਬਿਹਤਰੀ, ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਮੀਡੀਆ ਅਤੇ ਪ੍ਰਸ਼ਾਸਨ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ, ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਫਰੀਦਕੋਟ ਤੇ ਮੀਡੀਆ ਨਾਲ ਰੂਬਰੂ ਹੁੰਦਿਆ ਕੀਤਾ।ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਮੈਡਮ ਪੂਨਮ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੱਤਰਕਾਰੀ ਇਕ ਸਾਫ ਸੁੱਥਰਾ ਪੇਸ਼ਾ ਹੈ। ਜਿੱਥੇ ਇਹ ਸਮਾਜ ਨੂੰ ਸੇਧ ਦਿੰਦਾ ਹੈ ਉੱਥੇ ਹੀ ਲੋਕਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਆਦਿ ਨੂੰ ਉਜਾਗਰ ਕਰਕੇ ਸਰਕਾਰ ਨੂੰ ਉਨ੍ਹਾਂ ਦੇ ਹੱਲ ਲਈ ਚੌਕਸ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਵੱਡੇ ਬਦਲਾਅ ਆਏ ਹਨ ਅਤੇ ਹੁਣ ਲੋਕਾਂ ਨੂੰ ਕਿਸੇ ਵੀ ਘਟਨਾ ਦੀ ਤੁਰੰਤ ਅਤੇ ਸਹੀ ਜਾਣਕਾਰੀ ਦੇਣਾ ਮੀਡੀਆ ਲਈ ਵੱਡੀ ਚੁਣੌਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਫੀਲਡ ਵਿੱਚ ਕੰਮ ਕਰਨ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਦਾ ਹੈ ਅਤੇ ਇਸ ਦੇ ਉਜਗਾਰ ਹੋਣ ਨਾਲ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਹੱਲ ਲਈ ਵੱਡੀ ਮਦਦ ਮਿਲਦੀ ਹੈ।
ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸਾਂਤੀ ਫੈਲਾਉਣ ਵਾਲੀਆਂ ਅਤੇ ਸਮਾਜ ਨੂੰ ਵੰਡਣ ਵਾਲੀਆਂ ਖਬਰਾਂ ਜਾਂ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਵਿਰੁੱਧ ਵੀ ਲਾਮਬੰਦ ਹੋਣ।ਉਨ੍ਹਾਂ ਮੀਡੀਆ ਵੱਲੋਂ ਕੋਵਿਡ ਦੋਰਾਨ ਪਾਏ ਗਏ ਉਸਾਰੂ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਮੀਡੀਆ ਵੱਲੋਂ ਵਾਤਾਵਰਨ ਸੁਧਾਰ, ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੀ ਜਾਗਰੂਕ ਕਰਨ ਲਈ ਅਤੇ ਮਿਸ਼ਨ ਫਤਿਹ, ਮਿਸ਼ਨ ਤੰਦਰੁਸਤ ਅਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਆਦਿ ਵਿੱਚ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਉਨ੍ਹਾਂ ਪੱਤਰਕਾਰਾਂ ਤੋਂ ਜਿਲ੍ਹੇ ਨਾਲ ਸਬੰਧਤ ਸਮੱਸਿਆਵਾਂ ਪੁੱਛੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਜਿਲ੍ਹਾ ਲੋਕ ਸੰਪਰਕ ਅਫਸਰ ਸ: ਅਮਰੀਕ ਸਿੰਘ ਨੇ ਵੱਖ ਵੱਖ ਮੀਡੀਆ ਨੁਮਾਇੰਦਿਆਂ/ਪੱਤਰਕਾਰਾਂ ਨੂੰ ਜੀ ਆਇਆ ਕਹਿੰਦਿਆਂ ਉਨ੍ਹਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਨੂੰ ਦਿੱਤੇ ਜਾ ਰਹੇ ਸਹਿਯੋਗ ਲੋਕਾਂ ਨੂੰ ਵੱਖ ਵੱਖ ਉਸਾਰੂ ਗਤੀਵਿਧੀਆਂ ਸਬੰਧੀ ਜਾਗਰੂਕ ਕਰਨ ਲਈ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਇਹ ਉਮੀਦ ਕੀਤੀ ਕਿ ਉਹ ਅੱਗੇ ਤੋਂ ਵੀ ਆਪਣਾ ਉਸਾਰੂ ਯੋਗਦਾਨ ਦਿੰਦੇ ਰਹਿਣਗੇ।ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਕਾਰਨ ਵੱਡੇ ਹਾਦਸੇ ਵਾਪਰਦੇ ਹਨ ਤੇ ਜਿਲ੍ਹਾ ਪ੍ਰਸ਼ਾਸਨ ਨੇ ਐਨ.ਜੀ.ਓਜ਼ ਦੀ ਮਦਦ ਨਾਲ ਅਵਾਰਾ ਪਸ਼ੂਆਂ ਨੂੰ ਫੜ ਕੇ ਸੁਰੱਖਿਅਤ ਗਊਸ਼ਾਲਾ ਵਿੱਚ ਭੇਜਣ ਦੀ ਮੁਹਿੰਮ ਚਲਾਈ ਹੈ, ਜਿਸ ਵਿੱਚ ਭਾਰੀ ਸਫਲਤਾ ਮਿਲ ਰਹੀ ਹੈ।
ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਇਸ ਮੌਕੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਮੀਡੀਆ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਦੇ ਉਸਾਰੂ ਕੰਮਾਂ ਨੂੰ ਵੀ ਲੋਕਾਂ ਤੱੱਕ ਪਹੁੰਚਾਉਂਦਾ ਰਹੇਗਾ।ਇਸ ਮੌਕੇ ਤਹਿਸੀਲਦਾਰ ਸ: ਪਰਮਜੀਤ ਸਿੰਘ ਬਰਾੜ, ਨਾਇਬ ਤਹਿਸੀਲਦਾਰ ਸ੍ਰੀ ਅਨਿਲ ਸ਼ਰਮਾ ਵੀ ਹਾਜ਼ਰ ਸਨ।