ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ
ਝੋਨੇ ਦੀ ਖਰੀਦ ਬਦਲੇ 1014।75 ਕਰੋੜ ਰੁਪਏ ਦੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਅਦਾਇਗੀ -ਡਿਪਟੀ ਕਮਿਸ਼ਨਰ
553034 ਮੀਟ੍ਰਿਕ ਖਰੀਦੇ ਝੋਨੇ ਦੀ ਹੋਈ ਚੁਕਾਈ
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਵੀ ਕੀਤੀ ਅਪੀਲ।
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਨਵੰਬਰ – ਪੰਜਾਬ ਸਰਕਾਰ ਵੱਲੋਂ ਜ਼ਿਲੇ ‘ਚ ਝੋਨੇ ਦੀ ਹੁਣ ਤੱਕ 1014।75 ਕਰੋੜ ਰੁਪਏ ਦੀ ਅਦਾਇਗੀ ਜਿਲਾ ਫਰੀਦਕੋਟ ਦੇ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਝੋਨੇ ਵੇਚਣ ਸਮੇਂ ਕਿਸੇ ਵੀ ਤਰਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਝੋਨੇ ਦੀ ਖਰੀਦ ਸਬੰਧੀ ਜਾਇਜ਼ਾ ਲੈਣ ਲਈ ਵੱਖ ਵੱਖ ਵਿਭਾਗਾਂ ਨਾਲ ਕੀਤੀ ਮੀਟਿੰਗ ਮੌਕੇ ਕੀਤਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਝੋਨਾ ਵੇਚਣ ਆਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਂਦੀ ਚਾਹੀਦੀ।ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੇ ਝੋਨੇ ਦੀ ਖਰੀਦ ਉਸੇ ਸਮੇਂ ਹੀ ਕੀਤੀ ਜਾਣੀ ਨਿਸ਼ਚਿਤ ਕੀਤੀ ਜਾਵੇ ਅਤੇ ਅਦਾਇਗੀ ਵੀ ਸਮੇਂ ਸਿਰ ਕੀਤੀ ਜਾਵੇ। ਇਸ ਦੇ ਨਾਲ ਹੀ ਮੀਟਿੰਗ ਦੌਰਾਨ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰਾਂ ਸੁੱਕਾ ਕੇ ਤੇ ਪਕਾ ਹੀ ਮੰਡੀਆਂ ਵਿੱਚ ਲਿਆਉਣ। ਉਨਾਂ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਪਰਾਲੀ ਸਾੜਣ ਨਾਲ ਜਿਥੇ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ ਉਥੇ ਹੀ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਸਾਡੇ ਮਿੱਤਰ ਕੀੜੇ ਮਕੌੜੇ ਵੀ ਮਰ ਜਾਂਦੇ ਹਨ।
ਮੀਟਿੰਗ ਦੌਰਾਨ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ 627289 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 625545 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ 553034 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਕਰਵਾਈ ਗਈ ਅਤੇ 1014।75 ਕਰੋੜ ਰੁਪਏ ਦੀ ਕਿਸਾਨਾਂ ਨੂੰ ਅਦਾਇਗੀ ਵੀ ਹੋ ਚੁੱਕੀ ਹੈ। ਉਨਾਂ ਦੱਸਿਆ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਹੁਣ ਤੱਕ ਕੀਤੀ ਗਈ ਖਰੀਦ ਜਿੰਨਾਂ ‘ਚ ਪਨਗ੍ਰੇਨ ਵੱਲੋਂ 239727 ਮੀਟ੍ਰਿਕ ਟਨ, ਮਾਰਕਫੈਡ ਨੇ 172600 ਮੀਟ੍ਰਿਕ ਟਨ, ਪਨਸਪ ਨੇ 139706 ਮੀਟ੍ਰਿਕ ਟਨ, ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 57933 ਮੀਟ੍ਰਿਕ ਟਨ, ਐਫ.ਸੀ.ਆਈ ਵੱਲੋਂ 10669 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 4910 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।