ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰ ਦਾ ਦੌਰਾ
ਪ੍ਰਾਰਥੀਆਂ ਨੂੰ ਸਰਕਾਰੀ ਸੇਵਾਵਾਂ ਮਿੱਥੇ ਸਮੇਂ ਵਿੱਚ ਮੁਹੱਈਆ ਕਰਵਾਉਣ ਦੇ ਆਦੇਸ਼
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 6 ਨਵੰਬਰ – ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਵੱਲੋਂ ਅੱਜ ਸੇਵਾ ਕੇਂਦਰ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੇਵਾ ਕੇਂਦਰ ਦੇ ਇੰਚਾਰਜ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਹਰੇਕ ਪ੍ਰਾਰਥੀ ਨੂੰ ਮਿੱਥੇ ਸਮੇਂ ਵਿੱਚ ਸੇਵਾਵਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਪ੍ਰਾਰਥੀ ਨੂੰ ਹਰ ਹਾਲਤ ਵਿੱਚ ਮਿੱਥੇ ਸਮੇਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਬੰਧਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਵਿੱਚ ਕਰੋਨਾ ਮਹਾਂਮਾਰੀ ਦੇ ਚਲਦਿਆਂ ਸਮਾਜਿਕ ਦੂਰੀ, ਸੈਨੇਟਾਈਜਰ, ਮਾਸਕ ਪਾਉਣ ਸਬੰਧੀ ਵੀ ਸਖਤ ਹਦਾਇਤ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਜਾਰੀ ਹਦਾਇਤਾ ਦੀ ਇੰਨਬਿੰਨ ਪਾਲਣਾ ਕੀਤੀ ਜਾਵੇ ਤਾਂ ਜੋ ਕਿਸੇ ਨੂੰ ਵੀ ਕਰੋਨਾ ਦੀ ਇੰਨਫੈਕਸ਼ਨ ਨਾ ਹੋ ਸਕੇ।ਇਸ ਮੌਕੇ ਉਨ੍ਹਾਂ ਨੇ ਸੇਵਾ ਕੇਂਦਰਾਂ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਤੇ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੇਵਾ ਕੇਂਦਰਾਂ ਵਿੱਚ ਲੋੜ ਅਨੁਸਾਰ ਹੀ ਪ੍ਰਾਰਥੀ ਨੂੰ ਅੰਦਰ ਦਾਖਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਐਪਲੀਕੇਸ਼ਨ ਲੈਣ ਜਾਂ ਡਿਲਵਰੀ ਆਦਿ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਸਮੇਂ ਦੀ ਬਚਤ ਹੋਵੇ।
ਇਸ ਮੌਕੇ ਸੇਵਾ ਕੇਂਦਰ ਦੇ ਇੰਚਾਰਜ਼ ਮੈਡਮ ਨਿਰਮਲ ਕੌਰ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।