ਚੰਡੀਗੜ੍ਹ | ਪੰਜਾਬ ਕਾਂਗਰਸ ‘ਚ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਸਿਖਰਾਂ ‘ਤੇ ਪਹੁੰਚ ਚੁੱਕਾ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਖ਼ਤਰੇ ‘ਚ ਵਿਖਾਈ ਦੇ ਰਹੀ ਹੈ। ਕੈਪਟਨ ਤੋਂ ਨਾਖੁਸ਼ 40 ਵਿਧਾਇਕਾਂ ਦੀ ਚਿੱਠੀ ਮਗਰੋਂ ਕਾਂਗਰਸ ਹਾਈਕਮਾਨ ਨੇ ਵੱਡਾ ਫੈਸਲਾ ਲੈਂਦਿਆਂ ਸ਼ਾਮ 5 ਵਜੇ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ ‘ਚ ਵਿਧਾਇਕ ਦਲ ਦੀ ਹੰਗਾਮੀ ਮੀਟਿੰਗ ਸੱਦੀ ਹੈ।
ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਮੰਗ ਲਿਆ ਹੈ। ਇਸ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ‘ਚ ਨਵਾਂ ਮੁੱਖ ਮੰਤਰੀ ਚੁਣਨ ਦਾ ਆਦੇਸ਼ ਦਿੱਤਾ ਹੈ ਪਰ ਮੁੱਖ ਮੰਤਰੀ ਕੈਪਟਨ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਿਰਕਤ ਨਹੀਂ ਕਰਨਗੇ। ਕੈਪਟਨ ਨੇ ਹਾਈਕਮਾਨ ਨੂੰ ਸੁਨੇਹਾ ਭੇਜਿਆ ਹੈ ਕਿ ਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਤਾਂ ਪਾਰਟੀ ਵੀ ਛੱਡ ਦੇਵਾਂਗਾ।