
ਰੋਟਰੀ ਕਲੱਬ ਫ਼ਰੀਦਕੋਟ ਨੇ ਨਸ਼ਿਆਂ ਖਿਲਾਫ ਕੱਢੀ ਜਾਗਰੂਕਤਾ ਪੈਦਾ ਕਰਨ ਲਈ ਮੋਟਰ ਸਾਈਕਲ ਰੈਲੀ,ਨੌਜਵਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਿਭਾਉਣ ਅਹਿਮ ਭੂਮਿਕਾ: ਆਰਸ਼ ਸੱਚਰ
ਫ਼ਰੀਦਕੋਟ, 25 ਜੁਲਾਈ ( ਪਰਵਿੰਦਰ ਸਿੰਘ ਕੰਧਾਰੀ )-ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਆਰਸ਼ ਸੱਚਰ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਮੋਟਰ ਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ’ਚ 70 ਦੇ ਕਰੀਬ ਬੁਲੇਟ ਮੋਟਰ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚ ਕੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਖਿਲਾਫ਼ ਆਪਾਂ ਸਾਰੇ ਇੱਕਮੁੱਲ ਹੋ ਇਸ ਮਿਸ਼ਨ ਸਮਝ ਕੇ ਗੁਰੂ-ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਕਰੀਏ। ਇਸ ਮੌਕੇ ਪੂਨਮ ਸਿੰਘ ਐਸ.ਡੀ.ਐਮ.ਵੀ ਉਚੇਚੇ ਤੌਰ ਤੇ ਰੈਲੀ ’ਚ ਸ਼ਾਮਲ ਹੋਏ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸ਼ਾ ਕਰਦਿਆਂ ਖੁਦ ਮੋਟਰ ਸਾਈਕਲ ਚਲਾ ਕੇ ਰੈਲੀ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਰੰਗਲੇ ਪੰਜਾਬ ਦੀ ਸਿਰਜਣਾ ਵਾਸਤੇ ਸਾਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਕਿਹਾ ਇਸ ਰੈਲੀ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਨੌਜਵਾਨ ਕਿਸੇ ਵੀ ਦੇਸ਼ ਦੀ ਤਾਕਤ ਹੁੰਦੇ ਹਨ ਜੇਕਰ ਨੌਜਵਾਨ ਨਸ਼ਿਆਂ ਖਿਲਾਫ ਲੜਾਈ ’ਚ ਯੋਗਦਾਨ ਪਾਉਣ ਤਾਂ ਪੰਜਾਬ ’ਚੋਂ ਨਸ਼ਿਆਂ ਦਾ ਸਹਿਜੇ ਖਾਤਮਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਜੇਕਰ ਆਪਣੇ ਫਿਟਨੈੱਸ ਵੱਲ ਧਿਆਨ ਦੇਵੇਗਾ ਤਾਂ ਉਨ੍ਹਾਂ ਦਾ ਧਿਆਨ ਨਸ਼ਿਆਂ ਤੋਂ ਆਪਣੇ ਆਪ ਹਟ ਜਾਵੇਗਾ। ਇਸ ਪ੍ਰੋਜੈੱਕਟ ਲਈ ਆਰਸ਼ ਸੱਚਰ ਨੇ ਇਸ ਪ੍ਰੈਜੈਕਟ ਨੂੰ ਕਾਮਯਾਬ ਬਣਾਉਣ ਲਈ ਸਮੂਹ ਮੈਂਬਰਾਂ ਅਤੇ ਰਾਈਡਰ ਕਲੱਬ ਬਠਿੰਡਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਤੋਂ ਪਹਿਲਾ ਕਲੱਬ ਦੇ ਸਕੱਤਰ ਅਰਵਿੰਦ ਛਾਬੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਇਸ ਪ੍ਰੋਜੈਕਟ ਦੇ ਚੇਅਰਮੈੱਨ ਪ੍ਰਵੇਸ਼ ਰੀਹਾਨ ਨੇ ਦੱਸਿਆ ਕਿ ਕਲੱਬ ਨਸ਼ਿਆਂ ਦੇ ਖਾਤਮੇ ਵਾਸਤੇ ਨਿਰੰਤਰ ਉਪਰਾਲੇ ਕਰਦਾ ਆ ਰਿਹਾ ਹੈ। ਕੋ-ਚੇਅਰਮੈੱਨ ਅਸ਼ਵਨੀ ਬਾਂਸਲ ਨੇ ਦੱਸਿਆ ਭਵਿੱਖ ’ਚ ਅਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਪ੍ਰਵੀਨ ਸੱਚਰ, ਅਸ਼ੋਕ ਸੱਚਰ, ਡਾ ਬਿਮਲ ਗਰਗ, ਡਾ ਗਗਨ ਬਜ਼ਾਜ, ਰਾਜੇਸ਼ ਰੀਹਾਨ, ਮਨਪ੍ਰੀਤ ਸਿੰਘ ਬਰਾੜ, ਅਸ਼ਵਨੀ ਬਾਂਸਲ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਹਾਜ਼ਰ ਸਨ। ਸ਼ਾਹੀ ਹਵੇਲੀ ਤੋਂ ਮੋਟਰ ਸਾਈਕਲ ਰੈਲੀ ਸ਼ੁਰੂ ਹੋ ਮੁੜ ਸ਼ਾਹੀ ਹਵੇਲੀ ਵਾਪਸ ਪਹੁੰਚੀ, ਜਿੱਥੇ ਰੈਲੀ ਲਈ ਸਹਿਯੋਗ ਕਰਨ ਵਾਲੀਆਂ ਹਸਤੀਆਂ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ।