
ਸਿਹਤ ਵਿਭਾਗ ਨੇ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ।
ਫ਼ਰੀਦਕੋਟ,16 ਦਸੰਬਰ (ਪਰਵਿੰਦਰ ਸਿੰਘ ਕੰਧਾਰੀ ) ਸਿਵਲ ਸਰਜਨ ਡਾ: ਨਰੇਸ਼ ਕੁਮਾਰ ਬਠਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵੱਲੋਂ ਸਮਾਜ ਸੇਵੀ ਸੰਸਥਾ ਅਰੋਗਿਆ ਭਾਰਤੀ ਦੇ ਸਹਿਯੋਗ ਨਾਲ ਗਊਸ਼ਾਲਾ ਅਨੰਦਦਾਨਾ ਗੇਟ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿੱਚ ਮਾਹਰ ਡਾਕਟਰਾਂ ਵੱਲੋਂ ਲੋਕਾਂ ਨੂੰ ਮਨੋਰੋਗ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ।
ਡਿਪਟੀ ਮੈਡੀਕਲ ਕਮਿਸ਼ਨਰ ਡਾ ਧੀਰਾ ਗੁਪਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਚੈਕਅੱਪ ਕੈਂਪ ਵਿੱਚ 150 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੰਦਰੁਸਤ ਰਹਿਣ ਲਈ ਦਵਾਈਆਂ ਦਿੱਤੀਆਂ ਗਈਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਸੀਂ ਕੋਲੈਸਟ੍ਰੋਲ ਲੈਵਲ, ਵਜ਼ਨ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹਾਂ। ਇਸ ਦੇ ਲਈ ਨਿਯਮਿਤ ਤੌਰ ‘ਤੇ ਕਸਰਤ ਕਰੋ, ਸੰਤੁਲਿਤ ਖੁਰਾਕ ਲਓ ਅਤੇ ਸਿਗਰਟਨੋਸ਼ੀ ਅਤੇ ਤੰਬਾਕੂ ਉਤਪਾਦਾਂ ਤੋਂ ਬਚੋ। ਸਵੇਰੇ ਨਿਯਮਿਤ ਤੌਰ ‘ਤੇ ਸੈਰ ਕਰੋ, ਸਰੀਰਕ ਤੌਰ ‘ਤੇ ਸਰਗਰਮ ਰਹੋ ਅਤੇ ਆਪਣੀ ਰੋਜ਼ਾਨਾ ਰੁਟੀਨ ਵਿਚ ਗਤੀਵਿਧੀਆਂ ਨੂੰ ਸ਼ਾਮਲ ਕਰੋ। ਨਾਲ ਹੀ, ਜੇਕਰ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ, ਤਾਂ ਤੁਹਾਨੂੰ ਸਾਲ ਵਿੱਚ ਇੱਕ ਵਾਰ ਆਪਣੇ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਮਨੋਰੋਗ ਮਾਹਿਰ ਡਾ ਰਣਜੀਤ ਕੌਰ ਅਤੇ ਡਾ ਨੇਹਾ ਵੱਲੋਂ ਦੀ ਜਾਂਚ ਵੀ ਕੀਤੀ ਗਈ | ਇਸ ਮੌਕੇ ਡਾ ਮਨਪ੍ਰੀਤ ਅਤੇ ਕੌਂਸਲਰ ਵੀ ਹਾਜ਼ਰ ਸਨ।